ਲਖਨਊ: ਮੱਧ ਪ੍ਰਦੇਸ਼ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੂੰ ਹੁਣ ਤੱਕ ਕੋਈ ਵੀ ਸੀਟ ਨਾ ਮਿਲਣ ’ਤੇ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨਾਲ ਇਹੀ ਵਤੀਰਾ ਅਪਣਾਵੇਗੀ। ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਵਿੱਚ ਖੜੋਤ ਦਾ ਪਰਦਾਫਾਸ਼ ਕਰਨ ਵਾਲੀਆਂ ਟਿੱਪਣੀਆਂ ’ਤੇ ਅਖਿਲੇਸ਼ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਆਪਣੇ ‘ਛੋਟੇ ਨੇਤਾਵਾਂ’ ਨੂੰ ਉਨ੍ਹਾਂ ਦੀ ਪਾਰਟੀ ਬਾਰੇ ਬਿਆਨ ਦੇਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸਮਾਜਵਾਦੀ ਪਾਰਟੀ ਦੇ ਮੁਖੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਇੰਡੀਆ ਗੱਠਜੋੜ ਕੌਮੀ ਪੱਧਰ ਤੱਕ ਹੀ ਸੀਮਤ ਹੈ ਤਾਂ ਉਨ੍ਹਾਂ ਦੀ ਪਾਰਟੀ ਦੇ ਨੇਤਾ ਮੱਧ ਪ੍ਰਦੇਸ਼ ਵਿੱਚ ਮੀਟਿੰਗ ਲਈ ਕਾਂਗਰਸ ਦਾ ਫੋਨ ਨਾ ਚੁੱਕਦੇ। ਸੀਤਾਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਅੰਗ ਕੱਸਦਿਆਂ ਅਖਿਲੇਸ਼ ਨੇ ਕਿਹਾ, ‘‘ਮੈਨੂੰ ਜ਼ਰੂਰ ਉਲਝਣ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਗੱਠਜੋੜ ਸਿਰਫ਼ ਸੰਸਦੀ ਚੋਣਾਂ ਲਈ ਸੀ ਤਾਂ ਉਨ੍ਹਾਂ ਦੀ ਪਾਰਟੀ ਨੇ ਇਸ ਨੂੰ ਸਵੀਕਾਰਿਆ। ਅਖਿਲੇਸ਼ ਨੇ ਨਾਲ ਹੀ ਇਸ਼ਾਰਾ ਕੀਤਾ ਕਿ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਸੀਟਾਂ ਦੀ ਵੰਡ ਸਬੰਧੀ ਚਰਚਾ ਕੀਤੀ ਜਾਵੇਗੀ ਤਾਂ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ 31 ਉਮੀਦਵਾਰਾਂ ਦਾ ਐਲਾਨ ਕੀਤਾ ਹੈ। -ਪੀਟੀਆਈ
ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੂੰ ਕੋਈ ਵੀ ਸੀਟ ਨਾ ਦੇਣ ’ਤੇ ਅਖਿਲੇਸ਼ ਨਾਰਾਜ਼
